ਖ਼ਾਲਸੇ ਦੇ ਬੋਲੇ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਖ਼ਾਲਸੇ ਦੇ ਬੋਲੇ: ਇਨ੍ਹਾਂ ਤੋਂ ਭਾਵ ਹੈ ਕਿ ਪ੍ਰਾਚੀਨ ਸਿੰਘਾਂ ਵਲੋਂ ਪਰਸਪਰ ਪ੍ਰਯੋਗ ਵਿਚ ਲਿਆਈ ਜਾਣ ਵਾਲੀ ਸੰਕੇਤਿਕ ਸ਼ਬਦਾਵਲੀ ਜੋ ਉਹੀ ਸਮਝ ਸਕਦੇ ਸਨ। ਅਠਾਰ੍ਹਵੀਂ ਸਦੀ ਵਿਚ ਬਾਬਾ ਬੰਦਾ ਬਹਾਦਰ ਦੀ ਸ਼ਹਾਦਤ ਤੋਂ ਬਾਦ ਸਿੰਘਾਂ ਉਪਰ ਜ਼ੁਲਮ ਦੀਆਂ ਜੋ ਕਾਂਗਾਂ ਚੜ੍ਹੀਆਂ ਅਤੇ ਉਨ੍ਹਾਂ ਦੀ ਪ੍ਰਤਿਕ੍ਰਿਆ ਸਰੂਪ ਹੋਂਦ ਵਿਚ ਆਇਆ ‘ਦਲ ਖ਼ਾਲਸਾ ’ ਹੀ ਮੂਲ ਰੂਪ ਵਿਚ ਇਸ ਪ੍ਰਕਾਰ ਦੀ ਸ਼ਬਦਾਵਲੀ ਨੂੰ ਜਨਮ ਦਿੰਦਾ ਹੈ। ਇਸ ਪ੍ਰਕਾਰ ਦੇ ਬੋਲ ਚੂੰਕਿ ਜੁਝਾਰੂ ਸਿੰਘਾਂ ਨੇ ਘੜੇ ਸਨ, ਇਸ ਲਈ ਇਨ੍ਹਾਂ ਦੀ ਨੁਹਾਰ ਗਰਜਵੀਂ ਰਹੀ ਸੀ। ਇਸ ਕਰਕੇ ਇਨ੍ਹਾਂ ਦਾ ਇਕ ਨਾਮਾਂਤਰ ‘ਗੜਗਜ ਬੋਲੇ ’ ਵੀ ਪ੍ਰਚਲਿਤ ਹੋ ਗਿਆ। ਇਨ੍ਹਾਂ ਬੋਲਿਆਂ ਨੂੰ ਘੜਨ ਦੇ ਮੁੱਖ ਤੌਰ ’ਤੇ ਚਾਰ ਕਾਰਣ ਦਸੇ ਜਾਂਦੇ ਹਨ। ਇਕ ਇਹ ਕਿ ਇਨ੍ਹਾਂ ਗੁਪਤ ਸ਼ਬਦ-ਸੰਕੇਤਾਂ ਰਾਹੀਂ ਸਿੰਘ ਇਕ ਦੂਜੇ ਤਕ ਆਪਣੀ ਗੱਲ ਪਹੁੰਚਾਉਂਦੇ ਸਨ, ਤਾਂ ਜੋ ਦੁਸ਼ਮਣ ਨੂੰ ਕਿਸੇ ਪ੍ਰਕਾਰ ਦੇ ਭੇਦ ਦੀ ਕੋਈ ਭਿਣਕ ਨ ਪੈ ਸਕੇ। ਆਧੁਨਿਕ ਯੁਗ ਵਿਚ ਵੀ ਸੂਹੀਆ ਅਤੇ ਗੁਪਤਚਰ ਵਿਭਾਗ ਇਸ ਪ੍ਰਕਾਰ ਦੇ ਕੋਡ-ਸ਼ਬਦਾਂ ਦੀ ਵਰਤੋਂ ਕਰਦੇ ਹਨ। ਹਰਨ ਹੋਣਾ (ਭਜ ਜਾਣਾ), ਸਵਾ ਲੱਖ (ਇਕ) ਆਦਿ ਸ਼ਬਦ ਇਸੇ ਤਰ੍ਹਾਂ ਦੇ ਭਾਵ ਦੇ ਸੂਚਕ ਹਨ। ਦੂਜਾ ਇਹ ਕਿ ਇਨ੍ਹਾਂ ਸ਼ਬਦਾਂ ਰਾਹੀਂ ਤੁਛ ਵਸਤੂ ਨੂੰ ਉਤਮ ਵਸਤੂ ਦੇ ਨਾਂ ਨਾਲ ਪੁਕਾਰਿਆ ਜਾਂਦਾ ਸੀ, ਜਿਵੇਂ ਚਣਿਆਂ ਲਈ ‘ਬਾਦਾਮ’, ਹਰੇ ਛੋਲੂਏ ਲਈ ‘ਸਾਉਗੀ’, ਛਪੜ ਦੇ ਪਾਣੀ ਲਈ ‘ਸਰਦਾਈ ’। ਤੀਜਾ ਇਹ ਕਿ ਇਨ੍ਹਾਂ ਸ਼ਬਦਾਂ ਰਾਹੀਂ ਸੰਕਟ- ਕਾਲ ਵਿਚ ਨ ਪ੍ਰਾਪਤ ਹੋ ਸਕਣ ਵਾਲੀ ਉਤਮ ਵਸਤੂ ਪ੍ਰਤਿ ਨਕਾਰਾਤਮਕ ਬਿਰਤੀ ਨੂੰ ਅਪਣਾਇਆ ਜਾਂਦਾ ਸੀ, ਜਿਵੇਂ ਹਾਥੀ ਨੂੰ ਕੱਟਾ , ਮੁਰਗੇ ਨੂੰ ਕਾਜ਼ੀ , ਘੀ ਨੂੰ ਪੰਜਵਾਂ। ਚੌਥਾ ਇਹ ਕਿ ਇਨ੍ਹਾਂ ਸ਼ਬਦਾਂ ਦੁਆਰਾ ਅਸਾਧਾਰਣ ਪ੍ਰਭਾਵ ਪਾਇਆ ਜਾਂਦਾ ਸੀ, ਜਿਵੇਂ ਲਾਲ ਮਿਰਚ ਲਈ ਲੜਾਕੀ, ਸੁਚੇਤੇ ਜਾਣ ਲਈ ਮੈਦਾਨ ਜਾਣਾ ਆਦਿ।

            ਅਜਿਹੀ ਸ਼ਬਦਾਵਲੀ ਵਿਚੋਂ ਕੁਝ ਸ਼ਬਦ ਤਾਂ ਆਮ ਬੋਲ-ਚਾਲ ਦੇ ਅੰਗ ਬਣ ਗਏ ਅਤੇ ਬਹੁਤੇ ਨਿਹੰਗ ਸਿੰਘਾਂ ਤਕ ਸੀਮਿਤ ਹੋ ਗਏ। ਸੀਨਾ ਬਸੀਨਾ ਚਲੇ ਆਉਣ ਕਾਰਣ ਇਨ੍ਹਾਂ ਵਿਚੋਂ ਕਈ ਲੁਪਤ ਹੋ ਗਏ। ਕੁਝ ਵਿਦਵਾਨਾਂ ਨੇ ਇਸ ਪ੍ਰਕਾਰ ਦੀ ਸ਼ਬਦਾਵਲੀ ਨੂੰ ਪੁਸਤਕਾਂ ਵਿਚ ਇਕੱਤਰ ਕਰਨ ਦਾ ਯਤਨ ਕੀਤਾ ਹੈ। ਨਮੂਨੇ ਵਜੋਂ ਕੁਝ ਸ਼ਬਦ ਇਸ ਪ੍ਰਕਾਰ ਹਨ—ਉਗਰਾਹੀ (ਭਿਖਿਆ), ਉਜਾਗਰ (ਦੀਵਾ), ਅਕਲਦਾਨ (ਸੋਟਾ), ਅਫ਼ਲਾਤੂਨ (ਲੇਫ਼), ਅਰਾਕੀ (ਘੋੜੀ), ਅੜੰਗ ਬੜੰਗ ਹੋਣਾ (ਸੌਣਾ), ਆਕੜ ਭੰਨ੍ਹ (ਬੁਖ਼ਾਰ), ਅੰਮ੍ਰਿਤੀ (ਕੜ੍ਹੀ), ਇੰਦ੍ਰਾਣੀ (ਠੰਡੀ ਹਵਾ), ਸ਼ਹੀਦੀ ਦੇਗ (ਘੋਟੀ ਹੋਈ ਭੰਗ), ਸਬਜ ਪੁਲਾਉ (ਸਾਗ), ਸ਼ੀਸ਼ ਮਹੱਲ (ਟੁਟੀ ਹੋਈ ਛੰਨ), ਸੁਚਾਲਾ (ਲੰਗਾ), ਸੁੰਦਰੀ (ਬਹੁਕਰ), ਹਰਨੀ (ਮੱਖੀ ਜਾਂ ਜੂੰ), ਕਰਾੜੀ (ਮੂਲੀ), ਕਲਗਾ (ਗੰਜਾ), ਖੋਤੀ (ਚਿਲਮ), ਗੁਪਾਲ ਲਡੂ (ਅੰਡੇ), ਚਰਨਦਾਸੀ (ਜੁਤੀ), ਚੋਬਾਰੇ ਚੜ੍ਹਿਆ (ਬੋਲਾ), ਜਲ ਤੋਰੀ (ਮੱਛੀ), ਜਲੇਬੀ (ਜੰਡ ਦੀ ਫਲੀ), ਜ੍ਵਾਲਾਵਮਣੀ (ਬੰਦੂਕ), ਤਨਖ਼ਾਹ (ਧਾਰਮਿਕ ਦੰਡ), ਤੁਰਕਣੀ (ਵੇਸਵਾ), ਥਾਣੇਦਾਰ (ਖੋਤਾ), ਧਰਮਰਾਜ ਦੀ ਧੀ (ਨੀਂਦਰ), ਨੜੀਮਾਰ (ਹੁੱਕਾ ਪੀਣ ਵਾਲਾ), ਪਰੀ (ਭੇਡ), ਪੰਮਾ (ਬ੍ਰਾਹਮਣ), ਫਿਰਨੀ (ਚੱਕੀ), ਬਟੇਰਾ (ਬਤਾਊਂ), ਮਸਤ (ਭੁਖਾ, ਖ਼ਾਲੀ), ਮਲਿਕਾ (ਬਿੱਲੀ), ਰੱਜੀ (ਕੜਛੀ), ਰੁਪਾ (ਗੰਢਾ), ਲਖਨੇਤ੍ਰਾ (ਕਾਣਾ), ਲਾਚੀਦਾਣਾ (ਬਾਜਰਾ) ਆਦਿ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7791, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਖ਼ਾਲਸੇ ਦੇ ਬੋਲੇ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਖ਼ਾਲਸੇ ਦੇ ਬੋਲੇ  : ਖ਼ਾਲਸੇ ਦੇ ਬੋਲੇ ਉਹ ਸੰਕੇਤ ਵਾਕ ਹਨ ਜੋ ਪ੍ਰਾਚੀਨ ਸਿੰਘਾਂ ਨੇ ਆਪਣੇ ਗੁੱਟ ਦੇ ਲੋਕਾਂ ਜਾਂ ਸਾਥੀਆਂ ਨੂੰ ਸਮਝਾਉਣ ਲਈ ਬਣਾਏ ਹੋਏ ਸਨ। ਇਨ੍ਹਾਂ ਨੂੰ ਗੜਗੱਜ ਬੋਲੇ ਵੀ ਕਿਹਾ ਜਾਂਦਾ ਹੈ। ਇਨ੍ਹਾਂ ਬੋਲਿਆਂ ਦੀ ਭਾਸ਼ਾ ਵੱਖਰੀ ਤੇ ਜ਼ੋਰਦਾਰ ਹੁੰਦੀ ਹੈ। ਸਿੰਘਾਂ ਨੂੰ ਮੁਗ਼ਲ ਰਾਜ ਸਮੇਂ ਲੁੱਕ ਛਿਪ ਕੇ ਰਹਿਣਾ ਪੈਂਦਾ ਸੀ ਤੇ ਨਾਲ ਹੀ ਆਪਣੀ ਸੈਨਾ ਵਿਚ ਅਨੁਸ਼ਾਸਨ ਵੀ ਰੱਖਣਾ ਪੈਂਦਾ ਸੀ। ਦੁਸ਼ਮਣ ਦੀ ਖ਼ੂਫੀਆ ਸੈਨਾ ਤੋਂ ਆਪਣੇ ਭੇਦ ਲੁਕਾਉਣ ਲਈ ਪ੍ਰਾਚੀਨ ਸਿੰਘਾਂ ਨੇ ਅਜਿਹੇ ਕੋਡ–ਸ਼ਬਦਾਂ ਜਾਂ ਗੁਪਤ ਸ਼ਬਦਾਂ ਦੀ ਵਰਤੋਂ ਸ਼ੁਰੂ ਕੀਤੀ ਜਿਸ ਨਾਲ ਉਨ੍ਹਾਂ ਦੇ ਭੇਤ ਛਿਪੇ ਰਹਿ ਸਕਦੇ ਸਨ। ਆਧੁਨਿਕ ਜ਼ਮਾਨੇ ਵਿਚ ਹਰ ਮੁਲਕ ਦੀਆਂ ਸਰਕਾਰਾਂ ਨੇ (Intelligence Department) ਸੂਹੀਆ ਵਿਭਾਗ ਖੋਲ੍ਹੇ ਹੁੰਦੇ ਹਨ, ਜਿਨ੍ਹਾਂ ਵਿਚ ਨਿਯੁਕਤ ਵਿਅਕਤੀਆਂ ਦੀ ਗੁਪਤ ਵਾਰਤਾ ਵਿਚ ਵੀ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਜਿਨ੍ਹਾਂ ਨੂੰ ਸਾਧਾਰਣ ਵਿਅਕਤੀ ਨਹੀਂ ਸਮਝ ਸਕਦਾ। ਖ਼ਾਲਸੇ ਦੇ ਬੋਲਿਆ ਵਿਚ ਸ਼ਬਦਾਂ ਦੇ ਹੋਰ ਹੀ ਅਰਥ ਰੱਖੇ ਹੁੰਦੇ ਹਨ ਜਿਨ੍ਹਾਂ ਨੂੰ ਰੋਜ਼ਾਨਾ ਵਰਤਣ ਵਾਲੇ ਸਿੰਘ ਜਾਂ ਨਿਹੰਗ ਸਿੰਘ ਹੀ ਸਮਝ ਸਕਦੇ ਹਨ। ‘ਸੇਵਾ ਲੱਖ’ ਸ਼ਬਦ ਦਾ ਭਾਵ ਹੈ ਇਕ ਵਿਅਕਤੀ, ਇਕ ਰੁਪਿਆ ਜਾਂ ਕੋਈ ਵੀ ਚੀਜ਼ ਜੋ ਇਕ ਹੋਵੇ। ਗੜਗਜ ਬੋਲਿਆਂ ਦਾ ਭਾਵ ਕੜਾਕੇਦਾਰ ਜਾਂ ਗਰਜਦਾਰ ਸ਼ਬਦ ਹਨ, ਜਿਵੇਂ ਬਦਲਾਂ ਦੀ ਘੋਰ ਨਾਦ ਕਰਨ ਵਾਲੀ ਗਰਜ ਹੋਵੇ। ਗੜਾ ਜਾਂ ਓਲਾ ਵਰਸਾਉਣ ਵਾਲੇ ਮੇਘ ਦੀ ਗਰਜ ਵਰਗੇ ਵਾਕਾਂ ਨੂੰ ਗੜਗਜ ਬੋਲਿਆ ਦਾ ਨਾਮ ਦਿੱਤਾ ਗਿਆ ਹੈ। 18ਵੀਂ ਸਦੀ ਦਾ ਸਿੱਖ ਇਤਿਹਾਸ ਇਨ੍ਹਾਂ ਬੋਲਿਆਂ ਦੀ ਗਵਾਈ ਭਰਦਾ ਹੈ।

          ਗੜਗਜ ਬੋਲਿਆ ਦਾ ਰਚਣਕਾਲ ਅੰਦਾਜ਼ਨ 18ਵੀਂ ਸਦੀ ਹੀ ਮੰਨਿਆ ਜਾ ਸਕਦਾ ਹੈ। ਜਦੋਂ ਮੁਗ਼ਲ ਰਾਜ ਟੁੱਟ ਰਿਹਾ ਸੀ ਅਤੇ ਦਿੱਲੀ ਦੇ ਮੁਗ਼ਲ ਬਾਦਸ਼ਾਹ ਸ਼ਕਤੀਹੀਣ ਹੋ ਚੁੱਕੇ ਸਨ, ਕਾਬਲ ਦੇ ਪਠਾਣ ਹਿੰਦੁਸਤਾਨ ਨਾਲੋਂ ਸਾਕਾਦਾਰੀ ਤੋੜ ਚੁੱਕੇ ਸਨ ਪਰ ਤਗੜਾ ਪਠਾਣੀ ਰਾਜ ਕਾਇਮ ਕਰਨ ਦੇ ਆਹਾਰਾਂ ਵਿਚ ਜੁੱਟੇ ਹੋਏ ਸਨ। ਅੰਗ੍ਰੇਜ਼ ਹਿੰਦੁਸਤਾਨ ਨੂੰ ਨਿਯਮਬੱਧ ਕਰਨ ਲਈ ਤੱਤਪਰ ਸਨ। ਗੜਗਜ ਬੋਲੋ ਸੀਨਾ–ਬਸੀਨਾ ਚਲੇ ਆਉਂਦੇ ਹਨ। ਇਨ੍ਹਾਂ ਨੂੰ ਗੁੰਮ ਜਾਣ ਤੋਂ ਬਚਾਉਣ ਲਈ ਪੁਸਤਕ ਰੂਪਾਂ ਵਿਚ ਇਕੱਠਿਆਂ ਕਰ ਲਿਆ ਗਿਆ ਹੈ। ‘ਗੁਰ ਸ਼ਬਦ ਰਤਨਾਕਰ ਮਹਾਨ ਕੋਸ਼’ ਵਿਚ ਇਹ ਅੱਖਰ–ਕ੍ਰਮਵਾਰ ਦਰਜ ਹਨ। ਗੜਗਜ ਸ਼ਬਦਾਂ ਦੀਆਂ ਕੁਝ ਉਦਾਹਰਣਾਂ ਪੇਸ਼ ਹਨ :

          ਉਜਾਗਰੀ (ਲਾਲਟੈਣ), ਅਸਵਾਰਾ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ), ਅਕਾਸੀ ਦੀਵਾ (ਸੂਰਜ ਅਤੇ ਚੰਦ੍ਰਮਾ), ਅੜੰਗ ਬੜੰਗ ਹੋਣਾ (ਲੇਟਣਾ, ਸੌਂ ਜਾਣਾ), ਇਲਾਚੀ (ਫੁਲਾਹੀ ਦੀ ਦਾਤਣ), ਸਬਜ ਪੁਲਾਉ (ਸਾਗ), ਸਿਰਖਿੰਡੀ (ਸ਼ੱਕਰ), ਸੁੰਦਰੀ (ਝਾੜੂ, ਬਹੁਕਰ), ਸ੍ਰੀ ਸਾਹਿਬ (ਤਲਵਾਰ), ਕਲਗਾ(ਗੰਜਾ), ਖੰਡ (ਸੁਆਹ, ਭਸਮ), ਗੁਪਾਨ ਲੁੱਡੂ (ਮੁਰਗੀ ਦੇ ਅੰਡੇ), ਘਾਣ (ਜੰਗ), ਚਰਨਦਾਸੀ (ਜੁੱਤੀ), ਛਿੱਲੜ (ਰੁਪਿਆ), ਜਲ ਤੋਰੀ (ਮੱਛੀ), ਜੋੜ ਮੇਲਣੀ(ਸੂਈ), ਝੋਲਾ (ਥੈਲਾ), ਟਹਲੂਆ (ਹੱਥ ਮੂੰਹ ਸਾਫ਼ ਕਰਨ ਦਾ ਪਰਨਾ), ਠੀਕਰ (ਦੇਹ, ਸਰੀਰ), ਡਾਇਣ (ਮਾਇਆ), ਢਾਈ ਲੱਖ (ਦੋ ਸਿੰਘ), ਤੁਰਕਣੀ (ਮੁਸਲਮਾਨੀ), ਥਾਣੇਦਾਰ (ਗਧਾ, ਖੋਤਾ), ਦੇਗ਼ (ਲੰਗਰ, ਤਿਆਰ ਹੋਇਆ ਪ੍ਰਸਾਦ), ਧਰਮ ਰਾਜ ਦੀ ਧੀ (ਨੀਂਦ), ਨੇਤ੍ਰਫੋਕਾ (ਸੂਰਮਾ), ਪਾਹੁਲ (ਖੰਡੇ ਦਾ ਅਮ੍ਰਿਤ), ਬਾਮਣੀ (ਖੀਰ), ਭੂਤਣੀ( ਅਧੈਰੀਂ ਝੱਖੜ), ਮਾਰੂ ਗਾਉਣਾ (ਰੋਣਾ ਪਿਟਣਾ), ਰੂਪ ਕੌਰ (ਕਾੜ੍ਹਨੀ), ਲਾਚੀ–ਦਾਨਾ (ਬਾਜ਼ਰਾ), ਵਰਤਾਰਾ (ਵੱਡਾ ਕੜਛਾ)।

          [ਸਹਾ. ਗ੍ਰੰਥ––ਮ. ਕੋ. ; ਜਵਾਲਾ ਸਿੰਘ ਵਰਕਤ : ‘ਖਾਲਸਾ ਜੀ ਦੇ ਬੋਲੇ’ ; ਲਾਲਾ ਕਿਰਪਾ ਸਾਗਰ : ‘ਰਣਜੀਤ ਸਿੰਘ ਨਾਟਕ’]


ਲੇਖਕ : ਡਾ. ਅਬਨਾਸ਼ ਕੌਰ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5217, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.